ੴ ਸਤਿਗੁਰਪ੍ਰਸਾਦਿ॥
ਰਾਗੁ ਗਉੜੀ ਮਹਲਾ ੯ ॥
ਸਾਧੋ ਮਨ ਕਾ ਮਾਨੁ ਤਿਆਗਉ ॥
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ, ਤਾ ਤੇ ਅਹਿਨਿਸਿ ਭਾਗਉ ॥੧॥ਰਹਾਉ॥
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ, ਅਉਰੁ ਮਾਨੁ ਅਪਮਾਨਾ ॥
ਹਰਖ ਸੋਗ ਤੇ ਰਹੈ ਅਤੀਤਾ, ਤਿਨਿ ਜਗਿ ਤਤੁ ਪਛਾਨਾ ॥੧॥
ਉਸਤਤਿ ਨਿੰਦਾ ਦੋਊ ਤਿਆਗੈ, ਖੋਜੈ ਪਦੁ ਨਿਰਬਾਨਾ ॥
ਜਨ ਨਾਨਕ ਇਹੁ ਖੇਲੁ ਕਠਨੁ ਹੈ, ਕਿਨਹੂੰ ਗੁਰਮੁਖਿ ਜਾਨਾ ॥੨॥੧॥

ਪਦ ਅਰਥ : ਸਾਧੋ-ਹੇ ਸੰਤ ਜਨੋ! ਤਿਆਗਉ-ਤਿਆਗਹੁ
[ ਨੋਟ: ਜੋ ਨਿਯਮ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੋਂ ਬਿਨਾ ਸਭਥਾਈਂ ਵਰਤਿਆ ਮਿਲਦਾ ਹੈ, ਉਸ ਅਨੁਸਾਰ ਲਫ਼ਜ਼ ‘ਤਿਆਗਹੁ’ ਹੈ। ਇਸੇ ਤਰ੍ਹਾਂ ‘ਭਾਗਉ’ ਦੇ ਥਾਂ ‘ਭਾਗਹੁ’] । ਤਾ ਤੇ—ਉਸ ਤੋਂ। ਅਹਿ-ਦਿਨ। ਨਿਸਿ-ਰਾਤ ।੧।ਰਹਾਉ।
ਸਮ-ਬਰਾਬਰ, ਇੱਕੋ ਜਿਹੇ। ਕਰਿ-ਕਰ ਕੇ। ਅਉਰ-ਅਤੇ ਅਤੀਤਾ-ਪਰੇ, ਵਿਰਕਤ, ਨਿਰਲੇਪ। ਤਿਨਿ-ਉਸ (ਮਨੁੱਖ) ਨੇ । ਤਤੁ-ਮਾਨੁ-ਆਦਰ। ਅਪਮਾਨਾ-ਨਿਰਾਦਰੀ। ਹਰਖ-ਖ਼ੁਸ਼ੀ । ਸੋਗ-ਗ਼ਮ। ਜ਼ਿੰਦਗੀ ਦਾ ਰਾਜ਼, ਅਸਲੀਅਤ ।੧।
ਉਸਤਤਿ-ਖ਼ੁਸ਼ਾਮਦ। ਪਦੁ-ਦਰਜਾ, ਆਤਮਕ ਅਵਸਥਾ। ਨਿਰਬਾਨਾ-ਵਾਸਨਾ-ਰਹਿਤ। ਕਿਨਹੂੰ-ਕਿਸੇ ਵਿਰਲੇ ਨੇ। ਗੁਰਮੁਖਿ-ਗੁਰੂ ਦੀ ਸਰਨ ਪੈ ਕੇ।੨।
ਅਰਥ: ਹੇ ਸੰਤ ਜਨੋ! (ਆਪਣੇ) ਮਨ ਦਾ ਅਹੰਕਾਰ ਛੱਡ ਦਿਉ। ਕਾਮ ਅਤੇ ਕ੍ਰੋਧ (ਭੀ) ਭੈੜੇ ਮਨੁੱਖ ਦੀ ਸੰਗਤਿ (ਵਾਂਗ ਹੀ) ਹੈ, ਇਸ ਤੋਂ (ਭੀ) ਦਿਨ ਰਾਤ (ਹਰ ਵੇਲੇ) ਪਰੇ ਰਹੋ। ੧।ਰਹਾਉ।
(ਹੇ ਸੰਤ ਜਨੋ! ਜੇਹੜਾ ਮਨੁੱਖ) ਸੁਖ ਅਤੇ ਦੁਖ ਦੋਹਾਂ ਨੂੰ ਇੱਕੋ ਜਿਹਾ ਜਾਣਦਾ ਹੈ, ਅਤੇ ਜੇਹੜਾ ਆਦਰ ਤੇ ਨਿਰਾਦਰੀ ਨੂੰ (ਭੀ) ਇਕ ਸਮਾਨ ਜਾਣਦਾ ਹੈ। (ਕੋਈ ਮਨੁੱਖ ਉਸ ਦਾ ਆਦਰ ਕਰੇ ਤਾਂ ਭੀ ਪਰਵਾਹ ਨਹੀਂ, ਜੇ ਕੋਈ ਉਸ ਦੀ ਨਿਰਾਦਰੀ ਕਰੇ ਤਾਂ ਭੀ ਪਰਵਾਹ ਨਹੀਂ), ਤੇ ਜੇਹੜਾ ਮਨੁੱਖ ਖ਼ੁਸ਼ੀ ਅਤੇ ਗ਼ਮੀ ਦੋਹਾਂ ਤੋਂ ਨਿਰਲੇਪ ਰਹਿੰਦਾ ਹੈ (ਖ਼ੁਸ਼ੀ ਦੇ ਵੇਲੇ ਅਹੰਕਾਰ ਵਿਚ ਨਹੀਂ ਆ ਜਾਂਦਾ ਤੇ ਗ਼ਮੀ ਦੇ ਵੇਲੇ ਘਬਰਾ ਨਹੀਂ ਜਾਂਦਾ) ਉਸ ਨੇ ਜਗਤ ਵਿਚ ਜੀਵਨ ਦਾ ਭੇਤ ਸਮਝ ਲਿਆ ਹੈ।
(ਹੇ ਸੰਤ ਜਨੋ! ਉਸ ਮਨੁੱਖ ਨੇ ਅਸਲੀਅਤ ਲੱਭ ਲਈ ਹੈ ਜੇਹੜਾ)
ਨਾ ਕਿਸੇ ਦੀ ਖ਼ੁਸ਼ਾਮਦ ਕਰਦਾ ਹੈ, ਨਾ ਕਿਸੇ ਦੀ ਨਿੰਦਾ ਕਰਦਾ ਹੈ, ਤੇ ਜੋ ਉਸ ਆਤਮਕ ਅਵਸਥਾ ਦੀ ਸਦਾ ਭਾਲ ਕਰਦਾ ਹੈ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ। (ਪਰ) ਹੇ ਨਾਨਕ! ਇਹ (ਜੀਵਨ-) ਖੇਡ (ਖੇਡਣੀ) ਔਖੀ ਹੈ। ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ ਨੂੰ ਸਮਝਦਾ ਹੈ ।੨।੧।

