Prani kau har jasu॥ ਪ੍ਰਾਨੀ ਕਉ ਹਰਿ ਜਸੁ

ਗਉੜੀ ਮਹਲਾ ੯ ॥

ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ ॥

ਅਹਿਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ ਗੁਨ ਗਾਵੈ ॥੧॥ਰਹਾਉ॥

ਪੁਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ ਆਪੁ ਬੰਧਾਵੈ॥

ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗ ਦੇਖਿ ਤਾਸਿ ਉਠਿ ਧਾਵੈ ॥੧॥

ਭੁਗਤਿ ਮੁਕਤਿ ਕਾ ਕਾਰਨ ਸੁਆਮੀ,ਮੂੜ ਤਾਹਿ ਬਿਸਰਾਵੈ ॥

ਜਨ ਨਾਨਕ ਕੋਟਨ ਮੈ ਕੋਊ, ਭਜਨੁ ਰਾਮ ਕੋ ਪਾਵੈ ॥੨॥੩॥

ਪਦ ਅਰਥ: ਕਉ-ਨੂੰ। ਜਸੁ-ਸਿਫ਼ਤਿ-ਸਾਲਾਹ। ਮਨਿ-ਮਨ ਵਿਚ। ਅਹਿ-ਦਿਨ ਨਿਸਿ—ਰਾਤ। ਮਗਨੁ-ਮਸਤ। ਮੈ—ਮਹਿ, ਵਿਚ। ਕਹੁ-ਦੱਸ ।੧।ਰਹਾਉ।ਮਮਤਾ-[ਮਮ-ਮੇਰਾ] ਅਪਣੱਤ। ਸਿਉ-ਨਾਲ। ਇਹ ਬਿਧਿ-ਇਸ ਤਰ੍ਹਾਂ । ਬਿਧਿ-ਤਰੀਕਾ। ਆਪੁ-ਆਪਣੇ ਆਪ ਨੂੰ। ਗ—ਹਰਨ। ਤ੍ਰਿਸਨਾ-ਤੇਹ। ਮ੍ਰਿਗ ਤ੍ਰਿਸਨਾ-ਠਗਨੀਰਾ, ਉਹ ਖ਼ਿਆਲੀ ਪਾਣੀ ਜੋ ਹਰਨ ਨੂੰ ਤੇਹ ਵੇਲੇ ਆਪਣੇ ਪਿੱਛੇ ਭਜਾਈ ਫਿਰਦਾ ਹੈ [ਚਮਕਦੀ ਰੇਤ ਹਰਨ ਨੂੰ ਪਾਣੀ ਜਾਪਦੀ ਹੈ, ਉਹ ਪੀਣ ਲਈ ਦੌੜਦਾ ਹੈ, ਪਾਣੀ ਵਾਲਾ ਝਉਲਾ ਉਸ ਨੂੰ ਅਗਾਂਹ ਅਗਾਂਹ ਭਜਾਈ ਜਾਂਦਾ ਹੈ] । ਦੇਖਿ-ਵੇਖ ਕੇ। ਤਾਸਿ—ਉਸ (ਠਗਨੀਰੇ) ਵੱਲ ।੧। ਭਗਤਿ-ਦੁਨੀਆ ਦੇ ਭੋਗ ਤੇ ਸੁਖ। ਮਕਤਿ-ਮੋਖ। ਮੁੜ-ਮੂਰਖ ਮਨੁੱਖ। ਤਾਹਿ-ਉਸ ਨੂੰ । ਕੋਟਨ ਮੈ—ਕੋੜਾਂ ਵਿਚ। ਕੋਊ-ਕੋਈ ਵਿਰਲਾ ਕੋ—ਦਾ ।੨।

ਅਰਥ: (ਹੇ ਭਾਈ!) ਮਨੁੱਖ ਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਮਨ ਵਿਚ (ਵਸਾਣੀ) ਨਹੀਂ ਆਉਂਦੀ। (ਹੇ ਭਾਈ !) ਦੱਸੋ, ਉਹ ਮਨੁੱਖ ਕਿਵੇਂ ਪਰਮਾਤਮਾ ਦੇ ਗੁਣ ਗਾ ਸਕਦਾ ਹੈ ਜੇਹੜਾ ਦਿਨ ਰਾਤ ਮਾਇਆ (ਦੇ ਮੋਹ) ਵਿਚ ਮਸਤ ਰਹਿੰਦਾ ਹੈ ? ।੧।ਰਹਾਉ।(ਹੇ ਭਾਈ! ਮਾਇਆ ਦੇ ਮੋਹ ਵਿਚ ਮਸਤ ਰਹਿਣ ਵਾਲਾ ਮਨੁੱਖ) ਪੁੱਤਰ ਮਿੱਤਰ ਮਾਇਆ (ਆਦਿਕ) ਦੀ ਅਪਣੱਤ ਨਾਲ ਬੱਝਾ ਰਹਿੰਦਾ ਹੈ, ਤੇ ਇਸ ਤਰ੍ਹਾਂ ਆਪਣੇ ਆਪ ਨੂੰ (ਮੋਹ ਦੇ ਬੰਧਨਾਂ ਵਿਚ) ਬੰਨ੍ਹੀ ਰੱਖਦਾ ਹੈ। (ਮਾਇਆ-ਗ੍ਰਸਿਆ ਮਨੁੱਖ ਇਹ ਨਹੀਂ ਸਮਝਦਾ ਕਿ) ਇਹ ਜਗਤ (ਤਾਂ) ਠਗਨੀਰੇ ਵਾਂਗ (ਠੱਗੀ ਹੀ ਠੱਗੀ ਹੈ, ਜਿਵੇਂ ਹਰਨ ਠਗਨੀਰੇ ਨੂੰ ਵੇਖ ਕੇ ਉਸ ਵੱਲ ਦੌੜਦਾ ਤੇ ਭਟਕ ਭਟਕ ਕੇ ਮਰਦਾ ਹੈ, ਤਿਵੇਂ ਮਨੁੱਖ ਇਸ ਜਗਤ ਨੂੰ) ਵੇਖ ਕੇ ਇਸ ਵੱਲ (ਸਦਾ) ਦੌੜਦਾ ਰਹਿੰਦਾ ਹੈ (ਤੇ ਆਤਮਕ ਮੌਤ ਸਹੇੜਦਾ ਹੈ) ।੧।ਮੂਰਖ ਮਨੁੱਖ ਉਸ ਮਾਲਕ-ਪ੍ਰਭੂ ਨੂੰ ਭੁਲਾਈ ਰੱਖਦਾ ਹੈ ਜੇਹੜਾ ਦੁਨੀਆ ਦੇ ਭੋਗਾਂ ਤੇ ਸੁਖਾਂ ਦਾ ਭੀ ਮਾਲਕ ਹੈ ਤੇ ਜੇਹੜਾ ਮੋਖ ਭੀ ਦੇਣ ਵਾਲਾ ਹੈ।ਹੇ ਦਾਸ ਨਾਨਕ! (ਆਖ-) ਕ੍ਰੋੜਾਂ ਵਿਚੋਂ ਕੋਈ ਵਿਰਲਾ ਮਨੁੱਖ ਹੁੰਦਾ ਹੈ ਜੇਹੜਾ (ਜਗਤ ਠਗਨੀਰੇ ਦੇ ਮੋਹ ਤੋਂ ਬਚ ਕੇ) ਪਰਮਾਤਮਾ ਦੀ ਭਗਤੀ ਪ੍ਰਾਪਤ ਕਰਦਾ ਹੈ ।੨।੩।

img 20260926 wa0004

Leave a Comment

Your email address will not be published. Required fields are marked *