Saadho Eh Mann ॥ ਸਾਧੋ ਇਹੁ ਮਨੁ

ਗਉੜੀ ਮਹਲਾ ੯ ॥

ਸਾਧੋ ਇਹੁ ਮਨੁ ਗਹਿਓ ਨ ਜਾਈ॥

ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ॥੧॥ਰਹਾਉ॥

ਕਠਨ ਕਰੋਧ ਘਟ ਹੀ ਕੇ ਭੀਤਰਿ, ਜਿਹ ਸੁਧਿ ਸਭ ਬਿਸਰਾਈ॥

ਰਤਨੁ ਗਿਆਨੁ ਸਭ ਕੋ ਹਿਰਿ ਲੀਨਾ,ਤਾ ਸਿਉ ਕਛੁ ਨ ਬਸਾਈ ॥੧॥

ਜੋਗੀ ਜਤਨ ਕਰਤ ਸਭਿ ਹਾਰੇ, ਗੁਨੀ ਰਹੇ ਗੁਨ ਗਾਈ ॥

ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ ॥੨॥੪॥

ਪਦ ਅਰਥ : ਗਹਿਓ ਨ ਜਾਈ—ਫੜਿਆ ਨਹੀਂ ਜਾਂਦਾ। ਚੰਚਲ-ਕਦੇ ਨਾ ਟਿਕਣ ਵਾਲੀ, ਅਨੇਕਾਂ ਹਾਵ-ਭਾਵ ਕਰਨ ਵਾਲੀ। ਯਾ ਤੇ ਇਸ ਕਾਰਨ। ਥਿਰੁ—ਸਦਾ-ਟਿਕਵਾਂ ।੧।ਰਹਾਉ।ਕਠਨ-(ਜਿਸ ਨੂੰ ਵੱਸ ਕਰਨਾ) ਔਖਾ (ਹੈ)। ਘਟ-ਹਿਰਦਾ। ਭੀਤਰਿ-ਅੰਦਰ। ਜਿਹ-ਜਿਸ (ਕ੍ਰੋਧ) ਨੇ। ਸੁਧਿ-ਸੂਝ, ਅਕਲ, ਹੋਸ਼। ਸਭ ਕੋ—ਹਰੇਕ ਜੀਵ ਦਾ। ਹਿਰਿ ਲੀਨਾ-ਚੁਰਾ ਲਿਆ ਹੈ । ਬਸਾਈ-ਵੱਸ, ਜ਼ੋਰ, ਪੇਸ਼। ਸਿਉ—ਨਾਲ ।੧।ਸਭਿ-ਸਾਰੇ। ਗੁਨੀ-ਗੁਣਵਾਨ, ਵਿਦਵਾਨ ਮਨੁੱਖ। ਰਹੇ-ਥੱਕ ਗਏ। ਸਭ ਬਿਧਿ—ਹਰੇਕ ਢੰਗ, ਹਰੇਕ ਢੋ। ਸਭ ਬਿਧਿ ਬਨਿ ਆਈ-ਹਰੇਕ ਢੋ ਢੁਕ ਪਿਆ (ਸਫਲਤਾ ਦਾ) ।੨।

ਅਰਥ: ਹੇ ਸੰਤ ਜਨੋ! ਇਹ ਮਨ ਵੱਸ ਵਿਚ ਕੀਤਾ ਨਹੀਂ ਜਾ ਸਕਦਾ, (ਕਿਉਂਕਿ ਇਹ ਮਨ ਸਦਾ) ਅਨੇਕਾਂ ਹਾਵ-ਭਾਵ ਕਰਨ ਵਾਲੀ ਤ੍ਰਿਸ਼ਨਾ ਨਾਲ ਵੱਸਦਾ ਰਹਿੰਦਾ ਹੈ, ਇਸ ਵਾਸਤੇ ਇਹ ਕਦੇ ਟਿਕ ਕੇ ਨਹੀਂ ਰਹਿੰਦਾ ।੧।ਰਹਾਉ।(ਹੇ ਸੰਤ ਜਨੋ!) ਵੱਸ ਵਿਚ ਨਾ ਆ ਸਕਣ ਵਾਲਾ ਕ੍ਰੋਧ ਭੀ ਇਸ ਹਿਰਦੇ ਵਿਚ ਹੀ ਵੱਸਦਾ ਹੈ, ਜਿਸ ਨੇ (ਮਨੁੱਖ ਨੂੰ ਭਲੇ ਪਾਸੇ ਦੀ) ਸਾਰੀ ਹੋਸ਼ ਭੁਲਾ ਦਿੱਤੀ ਹੈ। (ਕ੍ਰੋਧ ਨੇ) ਹਰੇਕ ਮਨੁੱਖ ਦਾ ਸ੍ਰੇਸ਼ਟ ਗਿਆਨ ਚੁਰਾ ਲਿਆ ਹੈ, ਉਸ ਨਾਲ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ । ੧।ਸਾਰੇ ਜੋਗੀ (ਇਸ ਮਨ ਨੂੰ ਕਾਬੂ ਕਰਨ ਦੇ) ਜਤਨ ਕਰਦੇ ਕਰਦੇ ਥੱਕ ਗਏ, ਵਿਦਵਾਨ ਮਨੁੱਖ ਆਪਣੀ ਵਿੱਦਿਆ ਦੀਆਂ ਵਡਿਆਈਆਂ ਕਰਦੇ ਥੱਕ ਗਏ (ਨਾ ਜੋਗ-ਸਾਧਨ, ਨਾ ਵਿੱਦਿਆ, ਮਨ ਨੂੰ ਕੋਈ ਭੀ ਵੱਸ ਵਿਚ ਲਿਆਉਣ ਦੇ ਸਮਰੱਥ ਨਹੀਂ)।ਹੇ ਦਾਸ ਨਾਨਕ ! ਜਦੋਂ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਤਾਂ (ਇਸ ਮਨ ਨੂੰ ਕਾਬੂ ਵਿਚ ਰੱਖਣ ਦੇ) ਸਾਰੇ ਢੋ ਢੁਕ ਪੈਂਦੇ ਹਨ ।੨।੪।

img 20260926 wa0004

Leave a Comment

Your email address will not be published. Required fields are marked *